*ਜ਼ਿਲਾ ਚੋਣ ਅਫ਼ਸਰ ਵੱਲੋਂ ਚੋਣ ਅਮਲੇ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਧੰਨਵਾਦ
ਲੁਧਿਆਣਾ, 11 ਮਾਰਚ ( ਸਤ ਪਾਲ ਸੋਨੀ ) : ਪੰਜਾਬ ਵਿਧਾਨ ਸਭਾ ਚੋਣਾਂ-2017 ਦੇ ਅੱਜ ਨਿੱਕਲੇ ਨਤੀਜਿਆਂ ਦੌਰਾਨ ਜ਼ਿਲਾ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ 8, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਗਠਜੋਡ਼ ਨੂੰ 5 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਇੱਕ ਸੀਟ ਮਿਲੀ। ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਡ਼ ਗਈ।
ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਹਲਕਾ ਖੰਨਾ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਦੇ ਸ੍ਰੀ ਅਨਿਲ ਕੁਮਾਰ ਫੱਲੀ ਨੂੰ 20591 ਵੋਟਾਂ ਨਾਲ ਹਰਾਇਆ। ਇਸ ਤਰਾਂ ਹਲਕਾ ਸਮਰਾਲਾ ਤੋਂ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਅਮਰੀਕ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸ੍ਰ. ਸਰਬੰਸ ਸਿੰਘ ਮਾਣਕੀ ਨੂੰ 11005 ਵੋਟਾਂ ਨਾਲ, ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸ੍ਰੀਮਤੀ ਸਤਵਿੰਦਰ ਕੌਰ ਨੂੰ 4551 ਵੋਟਾਂ ਨਾਲ, ਹਲਕਾ ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰੀ ਸੰਜੀਵ ਤਲਵਾਡ਼ ਨੇ ਆਮ ਆਦਮੀ ਪਾਰਟੀ ਦੇ ਸ੍ਰ. ਦਲਜੀਤ ਸਿੰਘ ਭੋਲਾ ਨੂੰ 1581 ਵੋਟਾਂ ਨਾਲ, ਹਲਕਾ ਲੁਧਿਆਣਾ (ਦੱਖਣੀ) ਤੋਂ ਲੋਕ ਇਨਸਾਫ਼ ਪਾਰਟੀ ਦੇ ਸ੍ਰ. ਬਲਵਿੰਦਰ ਸਿੰਘ ਬੈਂਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਭੁਪਿੰਦਰ ਸਿੰਘ ਸਿੱਧੂ ਨੂੰ 30917 ਵੋਟਾਂ ਨਾਲ, ਹਲਕਾ ਆਤਮ ਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸ੍ਰ. ਸਿਮਰਜੀਤ ਸਿੰਘ ਬੈਂਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਕਮਲਜੀਤ ਸਿੰਘ ਕਡ਼ਵਲ ਨੂੰ 16913 ਵੋਟਾਂ ਨਾਲ, ਹਲਕਾ ਲੁਧਿਆਣਾ (ਕੇਂਦਰੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਰਿੰਦਰ ਕੁਮਾਰ ਡਾਵਰ ਨੇ ਭਾਜਪਾ ਦੇ ਸ੍ਰੀ ਗੁਰਦੇਵ ਸ਼ਰਮਾ ਦੇਬੀ ਨੂੰ 20480 ਵੋਟਾਂ ਨਾਲ, ਹਲਕਾ ਲੁਧਿਆਣਾ (ਪੱਛਮੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ ਦੇ ਸ੍ਰ. ਅਹਿਬਾਬ ਸਿੰਘ ਗਰੇਵਾਲ ਨੂੰ 36521 ਵੋਟਾਂ ਨਾਲ, ਹਲਕਾ ਲੁਧਿਆਣਾ (ਉੱਤਰੀ) ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰੀ ਰਾਕੇਸ਼ ਪਾਂਡੇ ਨੇ ਭਾਜਪਾ ਦੇ ਸ੍ਰੀ ਪ੍ਰਵੀਨ ਬਾਂਸਲ ਨੂੰ 5132 ਵੋਟਾਂ ਨਾਲ, ਹਲਕਾ ਗਿੱਲ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਕੁਲਦੀਪ ਸਿੰਘ ਵੈਦ ਨੇ ਆਮ ਆਦਮੀ ਪਾਰਟੀ ਦੇ ਸ੍ਰ. ਜੀਵਨ ਸਿੰਘ ਸੰਗੋਵਾਲ ਨੂੰ 8641 ਵੋਟਾਂ ਨਾਲ, ਹਲਕਾ ਪਾਇਲ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਲਖਵੀਰ ਸਿੰਘ ਲੱਖਾ ਨੇ ਆਮ ਆਦਮੀ ਪਾਰਟੀ ਦੇ ਸ੍ਰ. ਗੁਰਪ੍ਰੀਤ ਸਿੰਘ ਲਾਪਰਾਂ ਨੂੰ 21496 ਵੋਟਾਂ ਨਾਲ, ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੂੰ 4169 ਵੋਟਾਂ ਨਾਲ, ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਸ੍ਰ. ਜਗਤਾਰ ਸਿੰਘ ਜੱਗਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਅਮਰ ਸਿੰਘ ਨੂੰ 10614 ਵੋਟਾਂ ਨਾਲ ਅਤੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਮਲਕੀਤ ਸਿੰਘ ਦਾਖਾ ਨੂੰ 25576 ਵੋਟਾਂ ਨਾਲ ਹਰਾਇਆ।
ਪੰਜਾਬ ਵਿਧਾਨ ਸਭਾ ਚੋਣਾਂ-2017 ਤਹਿਤ ਗਿਣਤੀ ਦਾ ਕੰਮ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਡ਼ਨ 'ਤੇ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਚੋਣ ਅਮਲੇ ਦੇ ਮੈਂਬਰਾਂ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸ੍ਰੀ ਭਗਤ ਨੇ ਉਪਰੋਕਤ ਧਿਰਾਂ ਦੇ ਨਾਲ-ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਸਾਰੇ ਉਮੀਦਵਾਰਾਂ ਨੇ ਜਿੱਥੇ ਪੂਰਨ ਸਹਿਯੋਗ ਦਿੱਤਾ ਉਥੇ ਚੋਣ ਅਮਲੇ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਉਨਾਂ ਕਿਹਾ ਕਿ ਪਲ਼-ਪਲ਼ ਦੀ ਜਾਣਕਾਰੀ ਅਤੇ ਨਤੀਜੇ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲਾ ਲੁਧਿਆਣਾ ਦੇ ਸਮੁੱਚੇ ਮੀਡੀਆ ਨੇ ਸਲਾਹੁਣਯੋਗ ਭੂਮਿਕਾ ਅਦਾ ਕੀਤੀ। ਜਿਸ ਲਈ ਮੀਡੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।