*ਪੁਲਿਸ ਨਾਲ ਸੰਬੰਧਤ ਪਰਿਵਾਰਾਂ ਨੂੰ ਮਿਲੇਗਾ 25 ਫੀਸਦੀ ਛੋਟ 'ਤੇ ਸਮਾਨ
ਲੁਧਿਆਣਾ, 10 ਮਾਰਚ ( ਸਤ ਪਾਲ ਸੋਨੀ ) : ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਸੇਵਾ ਨਿਭਾਅ ਰਹੇ ਸਾਰੇ ਦਰਜਿਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਨਿੱਤ ਦਿਨ ਦੀਆਂ ਘਰੇਲੂ ਵਸਤਾਂ ਦੀ ਲੋਡ਼ ਨੂੰ ਪੂਰਾ ਕਰਨ ਲਈ ਸਥਾਨਕ ਪੁਲਿਸ ਲਾਈਨਜ਼ ਵਿਖੇ 'ਪੁਲਿਸ ਕੰਟੀਨ' ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਕਿ ਕਰ ਰਹਿਤ ਵਾਜ਼ਿਬ ਰੇਟਾਂ 'ਤੇ ਵਸਤਾਂ ਖਰੀਦੀਆਂ ਜਾ ਸਕਣਗੀਆਂ। ਇਸ ਕੰਟੀਨ ਦਾ ਉਦਘਾਟਨ ਅੱਜ ਸ੍ਰ. ਜਤਿੰਦਰ ਸਿੰਘ ਔਲਖ਼, ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਕੀਤਾ।
ਉਦਘਾਟਨ ਉਪਰੰਤ ਜਾਣਕਾਰੀ ਦਿੰਦਿਆਂ ਸ੍ਰ. ਔਲਖ ਨੇ ਦੱਸਿਆ ਕਿ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਦੀ ਨਿੱਤ ਦਿਨ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਗ੍ਰਹਿ ਵਿਭਾਗ ਤੋਂ ਮਨਜੂਰੀ ਲੈ ਕੇ ਇਹ ਕੰਟੀਨ ਖੋਲੀ ਗਈ ਹੈ। ਇਸ ਕੰਟੀਨ ਵਿੱਚ ਜਿੱਥੇ ਵਧੀਆ ਅਤੇ ਉੱਚ ਗੁਣਵੱਤਾ ਦਾ ਘਰੇਲੂ ਸਮਾਨ ਬਾਜ਼ਾਰ ਕੀਮਤ ਤੋਂ ਸਸਤਾ ਮੁਹੱਈਆ ਕਰਵਾਇਆ ਜਾਵੇਗਾ, ਉਥੇ ਪੁਲਿਸ ਕਰਮਚਾਰੀਆਂ ਨੂੰ ਵਸਤਾਂ 'ਤੇ ਕਰ ਤੋਂ ਵੀ ਛੋਟ ਦਿੱਤੀ ਜਾਵੇਗੀ। ਕੁੱਲ ਮਿਲਾ ਕੇ ਇਸ ਕੰਟੀਨ ਤੋਂ ਸਮਾਨ ਖਰੀਦਣ 'ਤੇ 25 ਫੀਸਦੀ ਸਸਤਾ ਸਮਾਨ ਮਿਲ ਸਕੇਗਾ। ਇਸ ਕੰਟੀਨ ਵਿੱਚ ਫਿਲਹਾਲ 300 ਤਰਾਂ ਦੀਆਂ ਵਸਤਾਂ ਰੱਖੀਆਂ ਗਈਆਂ ਹਨ, ਜੋ ਕਿ ਜਲਦੀ ਹੀ ਵਧਾ ਕੇ 500 ਕਰ ਦਿੱਤੀਆਂ ਜਾਣਗੀਆਂ। ਖਰੀਦਦਾਰਾਂ ਦੀ ਸਹੂਲਤ ਲਈ ਟਰੇਂਡ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਹ ਕੰਟੀਨ ਪੂਰੀ ਤਰਰਾਂ ਵਾਤਾਨਕੂਲ (ਏ. ਸੀ.) ਤਿਆਰ ਕੀਤੀ ਗਈ ਹੈ ਅਤੇ ਖਰੀਦਦਾਰੀ ਕਰਨ 'ਤੇ ਕੰਪਿਊਟਰਾਈਜ਼ ਬਿੱਲ ਕੱਟਿਆ ਜਾਇਆ ਕਰੇਗਾ। ਗ੍ਰਾਹਕ ਅਦਾਇਗੀ ਕਰਨ ਲਈ ਨਗਦੀ ਦੇ ਨਾਲ-ਨਾਲ ਡੇਬਿਟ/ਕਰੈਡਿਟ ਕਾਰਡਾਂ ਦੀ ਵੀ ਵਰਤੋਂ ਕਰ ਸਕੇਗਾ। ਉਨਾਂ ਹੋਰ ਦੱਸਿਆ ਕਿ ਇਸ ਕੰਟੀਨ ਨੂੰ ਖੋਲਣ ਲਈ ਮੁੱਖ ਦਫ਼ਤਰ, ਪੰਜਾਬ ਪੁਲਿਸ ਤੋਂ ਮਿਲੇ ਫੰਡਾਂ ਸਮੇਤ 55 ਲੱਖ ਰੁਪਏ ਦੀ ਲਾਗਤ ਆਈ ਹੈ। ਉਨਾਂ ਕਿਹਾ ਕਿ ਇਹ ਕੰਟੀਨਾਂ ਪਹਿਲਾਂ ਪੀ. ਏ. ਪੀ. ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਲਾਈਨ ਵਿੱਚ ਸਫ਼ਲਤਾਪੂਰਵਕ ਚੱਲ ਰਹੀਆਂ ਹਨ, ਜਿਸ ਤੋਂ ਉਤਸ਼ਾਹਿਤ ਹੋ ਕੇ ਲੁਧਿਆਣਾ ਵਿੱਚ ਵੀ ਇਹ ਕੰਟੀਨ ਖੋਲਣ ਦਾ ਫੈਸਲਾ ਕੀਤਾ ਗਿਆ ਸੀ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਦੀ ਹੈ, ਇਹ ਉਪਰਾਲਾ ਵੀ ਉਸੇ ਕਡ਼ੀ ਦਾ ਹਿੱਸਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਪੁਲਿਸ (ਜਾਂਚ) ਸ੍ਰ. ਭੁਪਿੰਦਰ ਸਿੰਘ ਸਿੱਧੂ, ਸਾਰੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ, ਸਹਾਇਕ ਪੁਲਿਸ ਕਮਿਸ਼ਨਰ, ਥਾਣਾ ਮੁੱਖੀ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਿਰ ਸਨ।
No comments:
Post a Comment