Thursday, 24 December 2015


ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ 26 ਅਤੇ 27 ਨੂੰ ਲੁਧਿਆਣਾ ਵਿਖੇ
*ਰਾਜਪਾਲ, ਮੁੱਖ ਮੰਤਰੀ ਅਤੇ ਦੇਸ਼ ਵਿਦੇਸ਼ ਤੋਂ ਕਈ ਸਖ਼ਸ਼ੀਅਤਾਂ ਕਰਨਗੀਆਂ ਸ਼ਿਰਕਤ


ਲੁਧਿਆਣਾ, 24 ਦਸੰਬਰ ( ਸਤ ਪਾਲ ਸੋਨੀ ) : ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਮਿਤੀ 26 ਅਤੇ 27 ਦਸੰਬਰ, 2015 ਨੂੰ ਪੰਜਾਬ ਯੂਨਿਟ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਦੀ ਅਗਵਾਈ ਵਿੱਚ ਸਥਾਨਕ ਫਿਰੋਜ਼ਪੁਰ ਸਡ਼ਕ 'ਤੇ ਸਥਿਤ ਇੱਕ ਹੋਟਲ ਵਿੱਚ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ, ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ, ਕਈ ਕੈਬਨਿਟ ਮੰਤਰੀ, ਦੇਸ਼ ਭਰ ਤੋਂ ਕਈ ਸੰਸਦ ਮੈਂਬਰ ਅਤੇ ਵੈਸ਼ ਭਾਈਚਾਰੇ ਨਾਲ ਸੰਬੰਧਤ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਪਹੁੰਚ ਰਹੀਆਂ ਹਨ।
ਇਸ ਸਮਾਗਮ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੇ ਸੰਸਥਾਪਕ ਪ੍ਰਧਾਨ ਸ੍ਰੀ ਰਾਮਦਾਸ ਅਗਰਵਾਲ ਵੱਲੋਂ ਕੀਤੀ ਜਾਵੇਗੀ। ਇਹ ਮੀਟਿੰਗ ਪਹਿਲੀ ਵਾਰ ਪੰਜਾਬ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੋ ਦਿਨਾਂ ਮੀਟਿੰਗ ਵਿੱਚ ਵੈਸ਼ ਭਾਈਚਾਰੇ ਨਾਲ ਸੰਬੰਧਤ 500 ਤੋਂ ਵਧੇਰੇ ਪ੍ਰਮੁੱਖ ਸਖ਼ਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ। ਮੀਟਿੰਗ ਵਿੱਚ ਵੈਸ਼ ਭਾਈਚਾਰੇ ਦੀ ਬੇਹਤਰੀ ਲਈ ਕੀਤੇ ਜਾ ਚੁੱਕੇ ਜਾਂ ਕੀਤੇ ਜਾਣ ਵਾਲੇ ਕਾਰਜਾਂ ਤੋਂ ਇਲਾਵਾ ਹੋਰ ਸਮਾਜਿਕ, ਆਰਥਿਕ, ਰਾਜਸੀ ਤੇ ਧਾਰਮਿਕ ਮੁੱਦਿਆਂ 'ਤੇ ਚਰਚਾ ਹੋਵੇਗੀ।
ਉਹਨਾਂ  ਦੱਸਿਆ ਕਿ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ 28 ਦਸੰਬਰ, 2015 ਨੂੰ ਮਹਾਨ ਅਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਲਿਜਾਇਆ ਜਾਵੇਗਾ ਤਾਂ ਜੋ ਇਸ ਮਹਾਨ ਯੋਧੇ ਦੀ ਕੁਰਬਾਨੀ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਜਲਿਆਂ ਵਾਲਾ ਬਾਗ ਦਾ ਦੌਰਾ ਵੀ ਕਰਵਾਇਆ ਜਾਵੇਗਾ। ਸ੍ਰੀ ਮਿੱਤਲ ਨੇ ਦੱਸਿਆ ਦੱਸਿਆ ਕਿ ਫੈਡਰੇਸ਼ਨ ਦੇ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਵਿੱਚ ਯੂਨਿਟ ਕਾਰਜਸ਼ੀਲ ਹਨ, ਜਿਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਹੈ। ਫੈਡਰੇਸ਼ਨ ਵੱਲੋਂ ਕਈ ਸੰਸਥਾਵਾਂ ਨਾਲ ਮਿਲ ਕੇ ਲੋਡ਼ਵੰਦਾਂ ਦੀ ਸਹਾਇਤਾ ਹਿੱਤ ਮੈਡੀਕਲ ਕੈਂਪ, ਅੱਖਾਂ ਦੀ ਜਾਂਚ ਕੈਂਪ ਲਗਾਏ ਜਾਂਦੇ ਹਨ। ਜਿਸ ਦਾ ਲੱਖਾਂ ਲੋਕ ਫਾਇਦਾ ਲੈਂਦੇ ਹਨ। ਇਸ ਕਾਰਜ ਹਿੱਤ ਫੈਡਰੇਸ਼ਨ ਦੇ ਮੈਂਬਰਾਂ ਵੱਲੋਂ ਖੁਦ ਅਤੇ ਦਾਨੀ ਸੱਜਣਾਂ ਤੋਂ ਫੰਡ ਇਕੱਤਰ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਫੈਡਰੇਸ਼ਨ ਵੱਲੋਂ ਵੈਸ਼ ਭਾਈਚਾਰੇ ਨੂੰ ਵਪਾਰ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿੱਤ ਵਪਾਰ ਮੇਲੇ ਅਤੇ ਹੋਰ ਈਵੈਂਟ ਕਰਾਉਣ ਦਾ ਵੀ ਬੀਡ਼ਾ ਚੁੱਕਿਆ ਗਿਆ ਹੈ। ਫੈੱਡਰੇਸ਼ਨ ਵੱਲੋਂ ਪੂਰੇ ਭਾਰਤ (ਉੱਤਰੀ ਤੇ ਦੱਖਣੀ) ਦੇ ਵੈਸ਼ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਕਰਨ ਹਿੱਤ ਯਤਨ ਕੀਤੇ ਜਾ ਰਹੇ ਹਨ। ਫੈੱਡਰੇਸ਼ਨ ਵੱਲੋਂ ਧਾਰਮਿਕ ਖੇਤਰ ਵਿੱਚ ਵੀ ਕਾਰਜ ਕੀਤੇ ਜਾ ਰਹੇ ਹਨ। ਫੈਡਰੇਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੈਸ਼ ਭਾਈਚਾਰੇ ਨਾਲ ਸੰਬੰਧਤ 2000 ਦੇ ਕਰੀਬ ਪ੍ਰਮੁੱਖ ਸਖ਼ਸ਼ੀਅਤਾਂ (ਜਿਨਾਂ ਵਿੱਚ ਸਨਅਤਕਾਰ, ਵਪਾਰੀ, ਰਾਜਸੀ ਲੋਕ, ਕਿੱਤਾਕਾਰ, ਸਿਵਲ ਅਧਿਕਾਰੀ, ਐਡਵੋਕੇਟ, ਨਿਆਂਇਕ ਅਧਿਕਾਰੀ ਅਤੇ ਧਾਰਮਿਕ ਆਗੂ ਸ਼ਾਮਿਲ ਹਨ) ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇ ਤਾਂ ਜੋ ਵੈਸ਼ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਟਿੰਗ ਦੇ ਸ੍ਰੀ ਬਾਬੂ ਰਾਮ ਗੁਪਤਾ ਰਾਸ਼ਟਰੀ ਮਹਾਂ ਮੰਤਰੀ, ਸ੍ਰੀ ਸੁਨੀਲ ਸਿੰਗਲਾ ਸਟੇਟ ਇੰਚਾਰਜ ਮੀਡੀਆ ਭਾਜਪਾ, ਮਹੇਸ਼ ਗੁਪਤਾ ਜਨਰਲ ਸਕੱਤਰ ਪੰਜਾਬ ਯੂਨਿਟ,  ਰਾਜੇਸ਼ ਅਗਰਵਾਲ ਪ੍ਰਬੰਧਕ ਪੰਜਾਬ ਯੂਨਿਟ, ਤਰੁਣ ਜੈਨ ਬਾਵਾ ਪ੍ਰਬੰਧਕ ਪੰਜਾਬ ਯੂਨਿਟ, ਅਸ਼ੋਕ ਕੁਮਾਰ ਜੈਨ ਪ੍ਰਬੰਧਕ ਪੰਜਾਬ ਯੂਨਿਟ, ਅਨਿਲ ਗੁਪਤਾ ਪ੍ਰਬੰਧਕ ਪੰਜਾਬ ਯੂਨਿਟ, ਅਨੂਪ ਗੁਪਤਾ ਪ੍ਰਬੰਧਕ ਪੰਜਾਬ ਯੂਨਿਟ,  ਜੀਵਨ ਗੁਪਤਾ, ਇੰਦਰ ਅਗਰਵਾਲ , ਸੰਜੀਵ ਮਲਹੋਤਰਾ ਅਤੇ ਰਵਿੰਦਰ ਕਪਲਿਸ਼ ਸ਼ਾਮਿਲ ਹਨ। 

No comments:

Post a Comment