ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਫੈਲੋਸ਼ਿਪ ਪ੍ਰਦਾਨ
ਲੁਧਿਆਣਾ, 7 ਦਸੰਬਰ ( ਬਿਓੂਰੋ) : ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਪਾਏ ਗਏ ਲਾਮਿਸਾਲ ਯੋਗਦਾਨ ਦੇ ਚੱਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿੰਨ ਸਾਲ ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ। ਇਹ ਫੈਲੋਸ਼ਿਪ ਪ੍ਰੋ. ਗਿੱਲ ਵੱਲੋਂ ਖੇਤੀਬਾਡ਼ੀ ਸੱਭਿਆਚਾਰ ਨਾਲ ਸੰਬੰਧਤ ਤਿਆਰ ਕੀਤੇ ਜਾ ਰਹੇ ਪ੍ਰੋਜੈਕਟ 'ਖੇਤੀਬਾਡ਼ੀ ਲੋਕ ਧਾਰਾ' ਬਦਲੇ ਦਿੱਤੀ ਗਈ ਹੈ।
ਇਸ ਫੈਲੋਸ਼ਿਪ ਰੂਪੀ ਸਨਮਾਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਦਾ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨਾਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਵਿੱਚ ਤਿੰਨ ਦਹਾਕੇ ਤੋਂ ਜਿਆਦਾ ਸੇਵਾਵਾਂ ਦਿੱਤੀਆਂ ਹਨ ਅਤੇ ਇਸ ਪ੍ਰੋਜੈਕਟ ਲਈ ਯੂਨੀਵਰਸਿਟੀ ਤੋਂ ਸਹਾਇਤਾ ਲੈਣਗੇ। ਦੱਸਣਯੋਗ ਹੈ ਕਿ ਪ੍ਰੋ. ਗਿੱਲ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਟਰੱਸਟ, ਬੱਸੀਆਂ ਕੋਠੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਪ੍ਰੋ. ਗਿੱਲ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਹਰ ਪੱਖ ਤੋਂ ਵਿਕਾਸ ਕਰਨ ਲਈ ਸਿਰਤੋਡ਼ ਕੰਮ ਕੀਤਾ ਹੈ। ਉਨਾਂ ਨੇ ਵੀ ਪੰਜਾਬੀ ਯੂਨੀਵਰਸਿਟੀ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਪ੍ਰੋ. ਗਿੱਲ ਨੂੰ ਪਿੱਛੇ ਜਿਹੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਵੀ ਫੈਲੋਸ਼ਿਪ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਐਲਾਨ ਕੀਤਾ ਗਿਆ ਸੀ। ਇਨਾਂ ਤੋਂ ਇਲਾਵਾ ਉਨਾਂ ਨੇ ਹੋਰ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲੇ ਹੋਏ ਹਨ। ਪ੍ਰੋ. ਗਿੱਲ ਨੇ ਹੁਣ ਤੱਕ ਪੰਜਾਬੀ ਕਵਿਤਾ ਨਾਲ ਸੰਬੰਧਤ 16 ਕਿਤਾਬਾਂ, ਜਿਨਾਂ ਵਿੱਚ ਗੁਲਨਾਰ, ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਕੈਮਰੇ ਦੀ ਅੱਖ ਬੋਲਦੀ, ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ ਅਤੇ ਤਾਰਿਆਂ ਨਾਲ ਗੱਲਾਂ ਕਰਦਿਆਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ।
No comments:
Post a Comment