Wednesday, 14 October 2015





'ਡਾਊਨ ਸਿੰਡਰੋਮ' ਬਿਮਾਰੀ ਤੋਂ ਪੀੜਤ ਬੱਚੇ ਬੋਝ ਨਹੀਂ ਹੁੰਦੇ
*
ਬੱਚਿਆਂ ਨੂੰ ਰਹਿਮ ਨਹੀਂ, ਸਿਰਫ਼ ਸਨੇਹ ਅਤੇ ਵਿਸ਼ੇਸ਼ ਧਿਆਨ ਦੀ ਲੋੜ-ਸ਼ੇਨਾ ਅਗਰਵਾਲ
*
ਪੀੜਤ ਬੱਚਿਆਂ ਨੂੰ ਅਤੇ ਸਕੂਲ ਮੁਖੀਆਂ ਨਾਲ ਮਿਲਾਇਆ


ਲੁਧਿਆਣਾ, 14 ਅਕਤੂਬਰ (ਬਿਓੂਰੋ )  :  ਲੋਕਾਂ ਨੂੰ, ਖਾਸ ਤੌਰ 'ਤੇ ਅਧਿਆਪਕ ਵਰਗ ਨੂੰ 'ਡਾਊਨ ਸਿੰਡਰੋਮ' ਬਿਮਾਰੀ ਤੋਂ ਜਾਣੂ ਕਰਾਉਣ ਦੇ ਮੰਤਵ ਨਾਲ ਜ਼ਿਲਾ ਪ੍ਰਸਾਸ਼ਨ ਅਤੇ ਗੈਰ ਸਰਕਾਰੀ ਸੰਸਥਾ 'ਆਸ਼ੀਰਵਾਦ' ਜਾਂ 'ਨਿਸਪਾ' (ਨਾਰਥ ਇੰਡੀਆ ਸੇਰੇਬਰਲ ਪੈਲਸੀ ਐਸੋਸੀਏਸ਼ਨ) ਵੱਲੋਂ ਇੱਕ ਮਿਲਣੀ ਦਾ ਆਯੋਜਨ 'ਆਸ਼ੀਰਵਾਦ' ਸੰਸਥਾ ਦੇ ਅਰਬਨ ਅਸਟੇਟ, ਦੁੱਗਰੀ ਸਥਿਤ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਲੁਧਿਆਣਾ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 15 ਦੇ ਕਰੀਬ ਸਕੂਲ ਮੁੱਖੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ।
ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ () ਸ੍ਰੀਮਤੀ ਸ਼ੇਨਾ ਅਗਰਵਾਲ ਨੇ ਸਕੂਲ ਮੁੱਖੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੱਚਿਆਂ ਨੂੰ ਪੜਾਉਣ ਅਤੇ ਸਾਂਭ ਸੰਭਾਲ ਵਿੱਚ ਬੋਝ ਅਤੇ ਰਹਿਮ ਦੇ ਪਾਤਰ ਨਾ ਸਮਝਣ। ਕਿਉਂਕਿ ਅਜਿਹੇ ਬੱਚਿਆਂ ਪ੍ਰਤੀ ਦਿਲ ਵਿੱਚ ਸਨੇਹ ਅਤੇ ਵਿਸ਼ੇਸ਼ ਧਿਆਨ ਦੇਣ ਨਾਲ ਇਹ ਆਮ ਬੱਚਿਆਂ ਵਾਂਗ ਰਹਿ ਸਕਦੇ ਹਨ ਅਤੇ ਕਾਰਜ ਵਿਹਾਰ ਕਰ ਸਕਦੇ ਹਨ। ਉਨਾਂ ਕਿਹਾ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਮਾਪੇ ਗਰਭ ਅਵਸਥਾ ਵਿੱਚ ਬੱਚੇ ਬਾਰੇ ਪਤਾ ਲੱਗਣ 'ਤੇ ਬੱਚੇ ਨੂੰ ਗਰਭ ਵਿੱਚ ਹੀ ਮਰਵਾ ਦੇਣ ਨੂੰ ਪਹਿਲ ਦਿੰਦੇ ਹਨ, ਜੋ ਕਿ ਬਹੁਤ ਗਲਤ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੋ ਬੱਚੇ ਪੈਦਾ ਹੋ ਜਾਂਦੇ ਹਨ ਉਨਾਂ ਨੂੰ ਪਾਲਣ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਕਈ ਸਕੂਲ ਅਜਿਹੇ ਬੱਚਿਆਂ ਨੂੰ ਇਹ ਕਹਿ ਕੇ ਦਾਖ਼ਲਾ ਨਹੀਂ ਦਿੰਦੇ ਕਿ ਇਨਾਂ ਨੂੰ ਪੜਾਉਣਾ ਮੁਸ਼ਕਿਲ ਹੈ। ਅਸਲ ਵਿੱਚ ਅਜਿਹੇ ਬੱਚਿਆਂ ਨੂੰ ਪਿਆਰ, ਸਨੇਹ ਅਤੇ ਵਿਸ਼ੇਸ਼ ਧਿਆਨ ਦੇਣ ਨਾਲ ਆਮ ਬੱਚਿਆਂ ਦੇ ਵਾਂਗ ਹੀ ਜੀਵਨ ਪ੍ਰਦਾਨ ਕੀਤਾ ਜਾ ਸਕਦਾ ਹੈ। ਅੱਜ ਕਈ ਅਜਿਹੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਨਾਂ ਵਿੱਚ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਨੇ ਉੱਚ ਪ੍ਰੀਖਿਆਵਾਂ ਪਾਸ ਕਰਕੇ ਨਾਮ ਰੌਸ਼ਨ ਕੀਤਾ ਹੈ।
ਸੰਸਥਾ ਦੀ ਮੁੱਖੀ ਡਾ. ਨੀਲਮ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਆਸ਼ੀਰਵਾਦ' ਸੰਸਥਾ ਇੱਕ ਰਜਿਸਟਰਡ ਸੰਸਥਾ ਹੈ, ਜੋ ਕਿ ਸਤੰਬਰ 1999 ਤੋਂ ਇਸ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਭਲਾਈ ਬਾਰੇ ਕਾਰਜਸ਼ੀਲ ਹੈ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਤੱਕ 1000 ਤੋਂ ਵਧੇਰੇ ਬੱਚਿਆਂ ਦੇ ਜੀਵਨ ਵਿੱਚ ਬਦਲਾਅ ਦੇਖਿਆ ਗਿਆ ਹੈ। ਸੰਸਥਾ ਵੱਲੋਂ ਅਕਤੂਬਰ ਮਹੀਨਾ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਹੈ ਕਿ ਇਸ ਬਿਮਾਰੀ ਬਾਰੇ ਮਾਪੇ ਅਤੇ ਅਧਿਆਪਕ ਜਾਣੂ ਹੋਣ ਅਤੇ ਬੱਚਿਆਂ ਨੂੰ ਪ੍ਰਵਾਨ ਕਰਨ। ਉਨਾਂ ਦੱਸਿਆ ਕਿ 'ਡਾਊਨ ਸਿੰਡਰੋਮ' ਜਨਮ ਤੋਂ ਹੀ ਲੱਗਣ ਵਾਲੀ ਬਿਮਾਰੀ ਹੈ, ਜੋ ਕਿ ਵਿਸ਼ਵ ਭਰ ਵਿੱਚ ਹਰੇਕ 800 ਬੱਚਿਆਂ ਪਿੱਛੇ ਇੱਕ ਬੱਚੇ ਨੂੰ ਲੱਗਦੀ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਬਾਰੇ ਜਨਮ ਵੇਲੇ ਜਾਂ ਉਸ ਤੋਂ ਪਹਿਲਾਂ ਵੀ ਪਤਾ ਲਗਾਇਆ ਜਾ ਸਕਦਾ ਹੈ। ਅਜਿਹੇ ਬੱਚਿਆਂ ਦੀ ਪਛਾਣ ਥੋੜੀ ਅਲੱਗ ਤਰਾਂ ਦੀ ਹੁੰਦੀ ਹੈ। ਉਨਾਂ  ਅਧਿਆਪਕਾਂ ਨੂੰ ਸਮਝਾਇਆ ਕਿ ਅਜਿਹੇ ਬੱਚਿਆਂ ਦੀ ਪੜਾਈ ਦੌਰਾਨ ਕਿਵੇਂ ਦੇਖਭਾਲ ਕਰਨੀ ਹੈ।
ਡਿਪਟੀ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾ.) ਸ਼੍ਰੀਮਤੀ ਡਿੰਪਲ ਮਦਾਨ ਨੇ ਦੱਸਿਆ ਕਿ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਜਿਹੇ ਬੱਚਿਆਂ ਨੂੰ ਹਮੇਸ਼ਾਂ ਅਪਣਾਇਆ ਜਾਂਦਾ ਹੈ। ਉਨਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਨੂੰ ਦਾਖ਼ਲੇ ਦੇਣ ਵਿੱਚ ਨਾਂਹ ਨਾ ਕੀਤੀ ਜਾਵੇ ਕਿਉਂਕਿ ਬੱਚਿਆਂ ਨੂੰ ਪੜਾਉਣ ਲਈ ਕੁਝ ਵੀ ਵਿਸ਼ੇਸ਼ ਸਾਜੋ ਸਮਾਨ ਦੀ ਲੋੜ ਨਹੀਂ ਹੁੰਦੀ। ਉਨਾਂ ਭਰੋਸਾ ਦਿਵਾਇਆ ਕਿ ਇਸ ਸੰਬੰਧੀ ਸਕੂਲਾਂ ਨੂੰ ਜੇ ਲੋੜ ਪਈ ਤਾਂ ਉਹ ਪੱਤਰ ਵੀ ਜਾਰੀ ਕਰਨਗੇ। ਇਸ ਮੌਕੇ ਹਾਜ਼ਰ ਸਾਰੇ ਸਕੂਲ ਮੁੱਖੀਆਂ ਨੇ ਵੀ ਭਰੋਸਾ ਦਿੱਤਾ ਕਿ ਉਹ ਅਜਿਹੇ ਬੱਚਿਆਂ ਨੂੰ ਕਦੇ ਵੀ ਦਾਖ਼ਲੇ ਤੋਂ ਇਨਕਾਰ ਨਹੀਂ ਕਰਨਗੇ ਅਤੇ ਇਨਾਂ ਨੂੰ ਪੜਾਈ ਵਿੱਚ ਵਿਸ਼ੇਸ਼ ਰੁਚੀ ਦਿਵਾ ਕੇ ਹੋਰਾਂ ਬੱਚਿਆਂ ਦੇ ਬਰਾਬਰ ਕਰਨਗੇ। ਇਸ ਮੌਕੇ ਹਾਜ਼ਰੀਨ ਨੇ ਬੱਚਿਆਂ ਨਾਲ ਕਈ ਖੇਡਾਂ ਵੀ ਖੇਡੀਆਂ ਅਤੇ ਉਨਾਂ ਦਾ ਮਨੋਰੰਜਨ ਕੀਤਾ

No comments:

Post a Comment