Sunday, 11 October 2015

ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਨਰਾਤਿਆਂ ਦੇ ਦਿਨਾਂ ਵਿੱਚ ਵਰਤ ਰੱਖਣ ਵਾਲਿਆਂ ਲਈ ਖਾਣ ਵਾਲੇ ਸੀਲ ਦੇ ਲੱਡੂ ਅਤੇ ਪਿੰਨੀਆਂ ਬਨਾਉਂਣ ਵਾਲੇ -ਰਮਨ ਗੋਇਲ
*ਹੈਲਪਿੰਗ ਹੈਂਡਸ ਕੱਲਬ ਨੇ ਸਿਹਤ ਵਿਭਾਗ ਤੋਂ ਕਾਰਵਾਈ ਦੀ ਕੀਤੀ ਮੰਗ
ਲੁਧਿਆਣਾ, 11 ਅਕਤੂਬਰ (ਬਿਓੂਰੋ) : ਤਿਉਂਹਾਰਾਂ ਦੇ ਦਿਨਾਂ ਵਿੱਚ ਮਠਿਆਈ ਬਨਾਉਂਣ ਵਾਲੇ ਥੋੜੇ ਜਿਹੇ ਲਾਲਚ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਸ ਨਾਲ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਸਿਹਤ ਵਿਭਾਗ ਦੀ ਟੀਮ ਵੀ ਬਿਨਾ ਸ਼ਿਕਾਇਤ ਤੋਂ ਕਾਰਵਾਈ ਨਹੀਂ ਕਰਦੀ । ਨਿੱਜੀ ਲਾਲਚ ਦੇ ਵੱਸ ਹੋ ਕੇ ਕੁਝ ਲੋਕ ਧਾਰਮਿਕ ਤਿਉਂਹਾਰਾਂ ਦੇ ਦਿਨਾਂ ਵਿੱਚ ਘਟੀਆ ਖਾਦ ਪਦਾਰਥ ਤਿਆਰ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ , ਅਜਿਹਾ ਹੀ ਇੱਕ ਨਜ਼ਾਰਾ ਅੱਜ ਉਸ ਮੌਕੇ ਵੇਖਣ ਨੂੰ ਮਿਲਿਆ ਜਦੋਂ ਸ਼ਿਵਪੁਰੀ ਰੋਡ ਤੇ ਨਰਾਤਿਆਂ ਦੇ ਦਿਨਾਂ ਵਿੱਚ ਵਰਤ ਰੱਖਣ ਵਾਲਿਆਂ ਵੱਲੋਂ ਖਾਣ ਵਾਲੇ ਸੀਲ ਦੇ ਲੱਡੂ, ਪਿੰਨੀ ਅਤੇ ਹੋਰ ਸਮਾਨ ਦੁਕਾਨ ਦੀ ਛੱਤ ਤੇ ਬਣਾਉਂਦੇ ਵੇਖੇ ਗਏ। ਪ੍ਰੰਤੂ ਵਰਤ ਰੱਖਣ ਵਾਲੇ ਇਹ ਨਹੀਂ ਜਾਣਦੇ ਕਿ ਜਿਸ ਸਮਾਨ ਨੂੰ ਉਹ ਸ਼ੁੱਧ ਸਮਝ ਕੇ ਖਾਹ ਰਹੇ ਹਨ ਉਹ ਕਿਵੇਂ ਬਣਦਾ ਹੈ। ਹੈਲਪਿੰਗ ਹੈਂਡਸ ਕੱਲਬ ਦੀ ਟੀਮ ਨੇ ਜਦੋਂ ਛੱਤ ਤੇ ਜਾ ਕੇ ਵੇਖਿਆ ਕਿ ਜਿੱਥੇ ਉਹ ਸਮਾਨ ਤਿਆਰ ਕੀਤਾ ਜਾ ਰਿਹਾ ਸੀ ਉੱਥੇ ਸਫਾਈ ਦਾ ਪ੍ਰਬੰਧ ਨਹੀਂ ਸੀ। ਸੀਲ ਅਤੇ ਗੁੜ ਤੇ ਕੀੜੇ ਚੱਲਦੇ ਵੇਖੇ ਗਏ ਅਤੇ ਗੁੜ ਦੇ ਘੋਲ ਤੇ ਮੱਛਰਾਂ ਦੀ ਭਰਮਾਰ ਸੀ। ਸੀਲ ਦੇ ਖਾਣ ਵਾਲੇ ਪਦਾਰਥ ਅਜਿਹੇ ਗੰਦੇ ਢੰਗ ਨਾਲ ਤਿਆਰ ਕੀਤੇ ਜਾ ਰਹੇ ਸਨ ਕਿ ਖਾਣ ਵਾਲਾ ਜੇਕਰ ਇੱਕ ਵਾਰ ਸਮਾਨ ਬਣਦਾ ਵੇਖ ਲਵੇ ਤਾਂ ਸਾਰੀ ਉਮਰ ਸਮਾਨ ਨਾ ਖਾਵੇ। ਸ਼ਿਵਪੁਰੀ ਦੇ ਨੇੜੇ ਸੀਲ ਦੇ ਲੱਡੂ ਅਤੇ ਹੋਰ ਸਮਾਨ ਬਨਾਉਂਣ ਵਾਲੀ ਇੱਕ ਦੁਕਾਨ ਦੀ ਛੱਤ ਤੇ ਹੈਲਪਿੰਗ ਹੈਂਡਸ ਕੱਲਬ ਦੀ ਟੀਮ ਨੇ ਜਾ ਕੇ ਵੇਖਿਆ ਕਿ ਚਾਰੇ ਪਾਸੇ ਗੰਦਗੀ ਫੈਲੀ ਹੋਈ ਸੀ ਅਤੇ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਵੀ ਘਟੀਆ ਕਿਸਮ ਦੀ ਸੀ ਜਿਸ ਨੂੰ ਖਾਣ ਨਾਲ ਵਿਅਕਤੀ ਨਿਸ਼ਚਿਤ ਰੂਪ ਵਿੱਚ ਹੀ ਬਿਮਾਰੀਆਂ ਦੀ ਲਪੇਟ ਵਿੱਚ ਆਵੇਗਾ। ਖਾਦ ਪਦਾਰਥ ਬਨਾਉਂਣ ਵਾਲੀ ਸਮੱਗਰੀ ਨੰਗੇ ਫਰਸ਼ ਤੇ ਹੀ ਰੱਖ ਕੇ ਖਾਦ ਪਦਾਰਥ ਤਿਆਰ ਕੀਤੇ ਜਾ ਰਹੇ ਸਨ।
ਹੈਲਪਿੰਗ ਹੈਂਡਸ ਕੱਲਬ ਦੇ ਪ੍ਰਧਾਨ ਰਮਨ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਤਿਉਂਹਾਰਾਂ ਦੇ ਮੌਸਮ ਤੋਂ ਪਹਿਲਾਂ ਹੀ ਸਮੱਗਰੀ ਸਪਲਾਈ ਕਰਨ ਵਾਲਿਆਂ ਤੇ ਸ਼ਿਕੰਜਾ ਕਸੇ ਅਤੇ ਖਾਦ ਪਦਾਰਥ ਬਨਾਉਂਣ ਵਾਲਿਆਂ ਤੇ ਲਗਾਤਾਰ ਨਜ਼ਰ ਬਣਾਈ ਰੱਖੇ ਤਾਂ ਜੋ ਲਾਲਚੀ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ। ਇਸ ਮੌਕੇ ਅਵਨੀਸ਼ ਮਿਤੱਲ, ਗਗਨ ਅਰੋੜਾ, ਭਾਰਤ ਜੈਨ, ਵਰੁਣ ਜੈਨ,ਕਮਲ ਕੁਮਾਰ ਰਾਜੀਵ ਅਰੋੜਾ, ਅਤੇ ਅਮਨ ਮਲਹੋਤਰਾ ਆਦਿ ਵੀ ਹਾਜ਼ਿਰ ਸਨ ।

No comments:

Post a Comment